ਸੱਜਣ ਸਿੰਘ ਚੀਮਾ ਨੇ ਕੀਤੀ ਅਕਾਲੀਆਂ ਆਗੂਆਂ ਨੂੰ ਆਪਸ ਵਿੱਚ ਸੱਜਣ ਬਣਨ ਦੀ ਅਪੀਲ

ਆਪਣਿਆਂ ਨਾਲ ਲੜਨ ਦੀ ਬਜਾਏ ਅਕਾਲੀ ਦਲ ਨੂੰ ਕਾਮਯਾਬ ਕਰਨ ਲਈ ਹੰਬਲਾ ਮਾਰਨ ਆਗੂ
ਟਿਕਟਾਂ ਦਾ ਫੈਸਲਾ ਚੋਣਾਂ ਤੋਂ ਤਿੰਨ ਕੁ ਮਹੀਨੇ ਪਹਿਲਾਂ ਕਰੇਗੀ ਹਾਈਕਮਾਂਡ- ਚੀਮਾ
ਹੁਸੈਨਪੁਰ , 9  ਸਤੰਬਰ (ਕੌੜਾ )- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਰਜਨ ਐਵਾਰਡੀ ਸੱਜਣ ਸਿੰਘ ਚੀਮਾ ( ਸੇਵਾ ਮੁਕਤ ਐਸ ਐਸ ਪੀ ਵਿਜੀਲੈਂਸ ) ਨੇ ਹਲਕਾ ਸੁਲਤਾਨਪੁਰ ਲੋਧੀ ਦੇ ਸਮੂਹ ਅਕਾਲੀ ਲੀਡਰਾਂ ਨੂੰ ਅਪੀਲ ਕੀਤੀ ਕਿ ਆਪਣਿਆਂ ਨਾਲ ਲੜਨ ਦੀ ਬਜਾਏ ਆਪਾਂ ਸਾਰੇ ਮਿਲ ਕੇ ਕਾਂਗਰਸ ਸਰਕਾਰ ਦੀਆਂ ਧੱਕੇਸ਼ਾਹੀਆਂ ਵਿਰੁੱਧ ਆਵਾਜ ਬੁਲੰਦ ਕਰੀਏ ਤਾਂ ਜੋ ਪਾਰਟੀ ਵਰਕਰਾਂ ਨਾਲ ਹੁੰਦੀਆਂ ਧੱਕੇਸ਼ਾਹੀਆਂ ਨੂੰ ਰੋਕਿਆ ਜਾ ਸਕੇ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ  ਕਿਹਾ ਕਿ ਪੰਜਾਬ ਚ ਕੈਪਟਨ ਸਰਕਾਰ ਦੀਆਂ ਗਲਤ ਨੀਤੀਆਂ ਤੋਂ ਸਾਰੇ ਵਰਗਾਂ ਦੇ ਲੋਕ ਦੁਖੀ ਹਨ ਤੇ 2022 ਦੀਆਂ ਆ ਰਹੀਆਂ ਵਿਧਾਨ ਸਭਾ ਚੋਣਾਂ ਚ ਕਾਂਗਰਸ ਪਾਰਟੀ ਦਾ ਮੁਕੰਮਲ ਸਫਾਇਆ ਹੋਵੇਗਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਚ ਅਕਾਲੀ -ਭਾਜਪਾ ਦੀ ਸਾਂਝੀ ਸਰਕਾਰ ਬਣੇਗੀ ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਹਾਈਕਮਾਂਡ ਦੇ ਆਦੇਸ਼ਾਂ ਅਨੁਸਾਰ ਮੈ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਲ ਹੋਣ ਤੋਂ ਬਾਅਦ ਦਿਨ ਰਾਤ ਸ਼੍ਰੋਮਣੀ ਅਕਾਲੀ ਦਲ ਦੀ ਮਜਬੂਤੀ ਲਈ ਕੰਮ ਕਰ ਰਿਹਾ ਹਾਂ ।ਮੈਨੂੰ ਕੋਈ ਅੱਧੀ ਰਾਤ ਵੀ ਫੋਨ ਕਰੇ , ਮੈ ਇਲਾਕੇ ਦੀ ਜਨਤਾ ਦੀ ਸੇਵਾ ਚ ਹਾਜਰ ਹੋਵਾਂਗਾ । ਉਨ੍ਹਾਂ ਕਿਹਾ ਕਿ ਮੈ ਸਾਬਕਾ ਵਿੱਤ ਮੰਤਰੀ ਬੀਬੀ ਜੀ ਦਾ ਪੂਰਾ ਸਤਿਕਾਰ ਕਰਦਾ ਹਾਂ ਤੇ ਇਸ ਹਲਕੇ ਚ ਪਾਰਟੀ ਦੀ ਮਜਬੂਤੀ ਲਈ ਉਨ੍ਹਾਂ ਨਾਲ ਮਿਲ ਕੇ ਕੰਮ ਕਰਨ ਲਈ ਹਮੇਸ਼ਾ ਤਿਆਰ ਹਾਂ । ਸ਼੍ਰੋਮਣੀ ਅਕਾਲੀ ਦਲ ਵਲੋਂ ਹਲ਼ਕਾ ਸੁਲਤਾਨਪੁਰ ਲੋਧੀ ਤੋਂ ਟਿਕਟ ਲਈ ਹਰੀ ਝੰਡੀ ਦੇਣ ਸੰਬੰਧੀ ਵੱਖ ਵੱਖ ਆਗੂਆਂ ਵਲੋਂ ਚੱਲ ਰਹੀ ਬਿਆਨਬਾਜੀ ਤੇ ਆਪਣਾ ਪ੍ਰਤੀਕਰਮ ਕਰਦੇ ਸੱਜਣ ਚੀਮਾ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ 3 ਕੁ ਮਹੀਨੇ ਪਹਿਲਾਂ ਹੀ ਪਾਰਟੀ ਹਾਈਕਮਾਂਡ ਜਿੱਤਣ ਦੇ ਸਮਰੱਥ ਉਮੀਦਵਾਰਾਂ ਨੂੰ ਟਿਕਟਾਂ ਦੇਣ ਦਾ ਫੈਸਲਾ ਕਰੇਗੀ । ਉਨ੍ਹਾਂ ਕਿਹਾ ਕਿ ਹੁਣ ਵੇਲਾ ਆਪਸ ਵਿੱਚ ਲੜਨ ਦਾ ਨਹੀ ਸਗੋਂ ਵਿਰੋਧੀ ਧਿਰ ਵਲੋ ਆਮ ਜਨਤਾ ਤੇ ਕੀਤੇ ਜਾ ਰਹੇ ਜੁਲਮ ਵਿਰੁੱਧ ਲੜ੍ਹਨ ਦਾ ਹੈ ।
ਉਨ੍ਹਾਂ ਕਿਹਾ ਕਿ ਪੰਜਾਬ ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਹਲਕਾ ਸੁਲਤਾਨਪੁਰ ਲੋਧੀ ਦੇ ਅਕਾਲੀ -ਭਾਜਪਾ ਵਰਕਰਾਂ ਨਾਲ ਬਹੁਤ ਵਧੀਕੀਆਂ ਹੋ ਰਹੀਆਂ ਹਨ ਜਿਸਦਾ ਸਾਨੂੰ ਡਟ ਕੇ ਵਿਰੋਧ ਕਰਨਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਾ ਗਿਰਾਫ ਉੱਚਾ ਚੁੱਕਣ ਲਈ ਤੇ ਪਾਰਟੀ ਨੂੰ ਹੋਰ ਮਜਬੂਤ ਕਰਨ ਲਈ ਸਾਰੇ ਲੀਡਰਾਂ ਨੂੰ ਇੱਕਮੁੱਠ ਹੋ ਕੇ ਹਲਕੇ ਚ ਕੰਮ ਕਰਨਾ ਚਾਹੀਦਾ ਹੈ ।ਉਨ੍ਹਾਂ ਕਿਹਾ ਕਿ ਅਗਰ ਹਲਕਾ ਸੁਲਤਾਨਪੁਰ ਲੋਧੀ ਦੀ ਸਾਰੀ  ਅਕਾਲੀ ਲੀਡਰਸ਼ਿਪ ਇੱਕਜੁਟ ਹੋ ਕੇ ਕੰਮ ਕਰੇ ਤਾਂ ਵਿਰੋਧੀ ਪਾਰਟੀ ਨੂੰ ਬੜੀ ਅਸਾਨੀ ਨਾਲ ਅਕਾਲੀ ਵਰਕਰ ਹਰਾ ਦੇਣਗੇ । ਉਨ੍ਹਾਂ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਇਹ ਪੰਥਕ ਹਲਕਾ ਪੂਰੀ ਮਿਹਨਤ ਕਰਕੇ ਮੁੜ ਪੰਥ ਦਾ ਗੜ੍ਹ ਬਣਾਇਆ ਜਾਵੇਗਾ । ਉਨ੍ਹਾਂ ਸ਼ਪੱਸ਼ਟ ਕੀਤਾ ਕਿ ਮੈ ਹਲ਼ਕੇ ਦੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਹੀ ਆਗੂ ਸਾਹਿਬਾਨ ਤੇ ਵਰਕਰਾਂ ਦਾ ਸਨਮਾਨ ਕਰਦਾ ਹਾਂ ਤੇ ਮੈਨੂੰ ਜਦੋਂ ਵੀ ਕੋਈ ਆਗੂ ਜਾਂ ਵਰਕਰ ਫੋਨ ਤੇ ਕੋਈ ਵੀ ਕੰਮ ਕਹੇਗਾ ਮੈ ਅੱਧੀ ਰਾਤ ਵੀ ਉਸਦੇ ਨਾਲ ਖੜਾਂਗਾ । ਉਨ੍ਹਾਂ ਕਿਹਾ ਕਿ ਕਿਸੇ ਨਾਲ ਵੀ ਹਲ਼ਕੇ ਚ ਧੱਕਾ ਹੋਵੇ ਤਾਂ ਮੇਰਾ ਨੰਬਰ 24 ਘੰਟੇ ਚਲਦਾ ਹੈ , ਮੈਨੂੰ ਜਨਤਾ ਕਾਲ ਕਰੇ , ਮੇਰੀ ਇਹ ਸੇਵਾ ਜਾਰੀ ਰਹੇਗੀ ਤੇ ਕਿਸੇ ਦੇ ਡਰ ਜਾਂ ਦਬਾਅ ਨਾਲ ਮੈ ਸੇਵਾ ਨਹੀ ਛੱਡਾਂਗਾ । ਉਨ੍ਹਾਂ ਦੱਸਿਆ ਕਿ ਹਲਕੇ ਦੇ ਵੱਖ ਵੱਖ ਪਿੰਡਾਂ ਚ ਮੈ ਜਨ ਸੰਪਰਕ ਮੁਹਿੰਮ ਆਰੰਭ ਕੀਤੀ ਹੋਈ ਹੈ ਜਿਸਨੂੰ ਬਹੁਤ ਵੱਡਾ ਸਮਰਥਨ ਮਿਲ ਰਿਹਾ ਹੈ

Leave a Reply

Your email address will not be published. Required fields are marked *

error: Content is protected !!